24,ਮਈ (-ਸੁਖਜੀਤ ਸਿੰਘ ਵਿਰਕ)
ਕਸ਼ਮੀਰ ਬਹੁਤ ਉਦਾਸ ਅਤੇ ਗਮਗੀਨ ਹੈ, ਪਹਿਲਗਾਮ ਵਿੱਚ ਵਾਪਰੀ ਘਟਨਾ ਕਾਰਨ ਇਸ ਦੀ ਚਹਿਲ ਪਹਿਲ ਖ਼ਤਮ ਹੋਣ ਵਿੱਚ ਕੁਝ ਕੁ ਪਲ ਹੀ ਲੱਗੇ, ਵਾਦੀਆਂ ਅਤੇ ਫੁੱਲਾਂ ਦੀ ਰੰਗਤ ਉੱਡ ਪੁੱਡ ਗਈ ਹੈ, ਮਹਿਕ ਮਾਣਨ ਵਾਲੇ ਰੁੱਸ ਗਏ ਹਨ, ਖੁਸ਼ੀਆਂ ਖੇੜੇ ਲੋਪ ਹੋ ਗਏ ਹਨ। ਵਾਦੀ ਵਿੱਚ ਵਗੇ ਖ਼ੂਨ ਦੀ ਗੰਧ ਨਾਲ ਓਤਪੋਤ ਠੰਢੀਆਂ ਹਵਾਵਾਂ ਵੀ ਕਾਲਜਾ ਲੂੰਹਦੀਆਂ ਜਾਪਦੀਆਂ ਹਨ।
ਆਪਣਿਆਂ ਦੇ ਸਦਾ ਲਈ ਅਜਾਈਂ ਖੋਅ ਜਾਣ ਦੀ ਟੀਸ ਆਪਣਿਆਂ ਨੂੰ ਤਾਂ ਹੈ ਪਰ ਇਸ ਕਤਲੇਆਮ ਦਾ ਦਰਦ ਸਭ ਨੂੰ ਹੋਇਆ ਹੈ, ਹਰ ਹਿਰਦਾ ਰੋਇਆ ਹੈ, ਵਲੂੰਧਰਿਆ ਗਿਆ ਹੈ। ਕੁਝ ਦਿਨਾਂ ਦਾ ਪਹਾੜੀ ਆਨੰਦ ਲੈਣ ਗਏ ਪਰਿਵਾਰਾਂ ਪੱਲੇ ਉਮਰ ਭਰ ਦੇ ਦਰਦ ਪੈ ਗਏ, ਹਾਲਾਤ ਇਹ ਹਨ ਕਿ ਹਰ ਸੰਵੇਦਨਸ਼ੀਲ ਵਿਅਕਤੀ ਆਪਣੇ ਦੇਸ਼ ਅਤੇ ਆਪਣੇ ਹੀ ਲੋਕਾਂ ਵਿੱਚ ਡਰਿਆ ਅਤੇ ਸਹਿਮਿਆ ਹੋਇਆ ਹੈ। ਕਾਲਾ ਲਿਬਾਸ ਪਹਿਨ ਕੇ ਆਏ ਕਾਲੇ ਦਿਲ ਅਤੇ ਕਾਲੀ ਸੋਚ ਵਾਲੇ ਲੋਕਾਂ ਜਿਸ ਕਹਿਰ ਦੀ ਕਾਲਖ ਕਸ਼ਮੀਰ ਅਤੇ ਕਸ਼ਮੀਰੀਆਂ ਦੇ ਮੱਥੇ ’ਤੇ ਮਲੀ ਹੈ, ਸੌਖਿਆਂ ਸਾਫ਼ ਹੋਣ ਵਾਲੀ ਨਹੀਂ।
ਨਤੀਜਤਨ ਦਹਿਸ਼ਤਜਦਾ ਯਾਤਰੀਆਂ ਦੀ ਕਸ਼ਮੀਰ ਵਿੱਚੋਂ ਵਾਪਸੀ ਅਤੇ ਭਵਿੱਖ ਵਿੱਚ ਆਉਣ ਵਾਲਿਆਂ ਦੀ ਬੇਰੁਖੀ ਨਾਲ ਕਾਰੋਬਾਰ ਉਤੇ ਇੱਕ ਹੀ ਦਿਨ ਵਿੱਚ ਚੱਲੇ ਕੁਹਾੜੇ ਨੇ ਕਸ਼ਮੀਰੀਆਂ ਵਿੱਚ ਕੋਹਰਾਮ ਮਚਾ ਦਿੱਤਾ ਹੈ, ਸਾਹ ਸੂਤ ਕੇ ਰੱਖ ਦਿੱਤੇ ਹਨ। ਕਿਸੇ ਨਵ ਵਿਆਹੀ ਦੇ ਵੈਣਾਂ ਦੀ ਵੇਦਨਾ ਨੇ ਵਾਦੀ ਵਿੱਚ ਵੱਸਦੇ ਲੋਕਾਂ ਨੂੰ ਹੂਕ ਬਣ ਕੇ ਨਾ ਸਿਰਫ ਹਲੂਣਿਆ ਹੈ ਸਗੋਂ ਧੁਰ ਅੰਦਰ ਤੱਕ ਝੰਜੋੜ ਦਿੱਤਾ ਹੈ। ਕਸ਼ਮੀਰੀ ਲੋਕਾਂ ਨੇ ਜਾਣਿਆ ਕਿ ਦਹਿਸ਼ਤਗਰਦੀ ਦੀ ਕੋਈ ਜਾਤੀ ਜਾਂ ਧਰਮ ਨਹੀਂ ਹੁੰਦਾ ਅਤੇ ਕਸ਼ਮੀਰੀ ਇਕੱਠੇ ਹੋ ਕੇ ਸੜਕਾਂ ’ਤੇ ਉਤਰ ਆਏ ਅਤੇ ਦਹਿਸ਼ਤਗਰਦੀ ਖ਼ਿਲਾਫ਼ ਖੁੱਲ੍ਹ ਕੇ ਬੋਲਣ ਲੱਗੇ ਹਨ।
ਗ਼ਮਾਂ ਦੀ ਸਰਦਲ ’ਤੇ ਵਡਿਆਈਆਂ ਦੇ ਗਾਉਣ ਨਹੀਂ ਗਾਏ ਜਾ ਸਕਦੇ ਪਰ ਹਿਰਦੇ ਵਿੱਚ ਲੱਗੀ ਅੱਗ ਨੂੰ ਜੇ ਕੋਈ ਆਪਣਾ ਬਣ ਕੇ ਆਪਣੇ ਖ਼ੂਨ ਨਾਲ ਠੰਢਾ ਕਰਨ ਦੀ ਹਿੰਮਤ ਕਰੇ ਤਾਂ ਜ਼ਰੂਰ ਹੀ ਕਹਿਣਾ ਪਵੇਗਾ ਕਿ ਸ਼ਾਇਦ ਪਹਿਲੀ ਵਾਰ ਹੈ ਕਿ ਕਸ਼ਮੀਰੀਆਂ ਨੇ ਦਹਿਸ਼ਤਗਰਦਾਂ ਦੀ ਬੰਦੂਕ ਦਾ ਮੂੰਹ ਮਹਿਮਾਨਾਂ ਵੱਲੋਂ ਖਿੱਚ ਕੇ ਆਪਣੇ ਮੱਥੇ ਵੱਲ ਮੋੜ ਕੇ ਮੌਤ ਨਾਲ ਮਿਲਣ ਦੀ ਮਿਸਾਲ ਕਾਇਮ ਕਰਦੇ ਹੋਏ ਖੂਨ ਨਾਲ ਲਥਪਥ ਅਜਨਬੀਆਂ ਨੂੰ ਆਪਣਿਆਂ ਵਾਂਗ ਆਪਣੇ ਕੰਧਿਆਂ ’ਤੇ ਢੋਹਿਆ ਹੈ। ਕਸ਼ਮੀਰੀਆਂ ਨੇ ਮਨੁੱਖਤਾ ਨੂੰ ਮੁੱਖ ਰੱਖ ਕੇ ਦਿਲਾਂ ਦੇ ਦਰਵਾਜ਼ੇ ਖੋਲ੍ਹੇ ਅਤੇ ਆਪਣੇ ਹੋਟਲ, ਰੈਸਟੋਰੈਂਟ, ਦਰ ਘਰ, ਪੂਜਾ ਅਸਥਾਨ, ਟੈਕਸੀਆਂ ਪੀੜਤਾਂ ਅਤੇ ਯਾਤਰੀਆਂ ਦੀ ਸੇਵਾ ਲਈ ਮੁਫ਼ਤ ਪੇਸ਼ ਕਰ ਦਿੱਤੇ। ਪਹਿਲੀ ਵਾਰ ਹੈ ਕਿ ਕਿਸੇ ਮੁੱਖ ਮੰਤਰੀ ਦੇ ਮੁੱਖ ਦੇ ਮੁੱਖ ਸ਼ਬਦ ਹਨ...‘ਮੁਆਫੀ ਮੰਗਦਾ ਹਾਂ ਕਿ ਮੈਂ ਖ਼ੁਦ ਮਹਿਮਾਨ ਨਿਵਾਜੀ ਲਈ ਬੁਲਾਏ ਆਪਣੇ ਮਹਿਮਾਨਾਂ ਨੂੰ ਮਹਿਫੂਜ ਨਹੀਂ ਰੱਖ ਸਕਿਆ।’ ਪਰ ਸ਼ਾਇਦ ਅਜਿਹਾ ਪਹਿਲੀ ਵਾਰ ਨਹੀਂ ਕਿ ਏਅਰ ਲਾਈਨਾਂ ਨੇ ਅਜਿਹੇ ਮੌਕੇ ਨੂੰ ਅਜਾਈਂ ਜਾਣ ਦਿੱਤਾ ਹੋਵੇ ਅਤੇ ਟਿਕਟਾਂ ਦੀ ਕੀਮਤ ਦੁੱਗਣੀ ਚੌਗਣੀ ਕਰਕੇ ਮੁਨਾਫ਼ਾਖੋਰੀ ਵਿੱਚ ਵਾਧਾ ਨਾ ਕੀਤਾ ਹੋਵੇ।
ਪਹਿਲੀ ਵਾਰ ਹੈ ਕਿ ਮੌਕੇ ਦੇ ਹੁਕਮਰਾਨਾਂ ਵੱਲੋਂ ਕਿਸੇ ਦਹਿਸ਼ਤਗਰਦੀ ਹਮਲੇ ਦੇ ਪ੍ਰਤੀਕਰਮ ਵਜੋਂ ਕੁਝ ਵੱਖਰਾ ਕਰਕੇ ਦਿਖਾਉਣ ਲਈ ਪਾਕਿਸਤਾਨ ’ਤੇ ਵੱਡਾ ਹਮਲਾ ਕੀਤਾ ਹੈ ਅਤੇ ਬਹੁਤ ਸਾਰੇ ਦਹਿਸ਼ਤਗਰਦਾਂ ਦੇ ਮਾਰੇ ਜਾਣ ਅਤੇ ਉਨ੍ਹਾਂ ਦੇ ਟਿਕਾਣੇ ਤਬਾਹ ਕਰਦੇ ਹੋਏ ਪਹਿਲਗਾਮ ਦੀ ਘਟਨਾ ਦਾ ਪਾਕਿਸਤਾਨ ਤੋਂ ਬਦਲਾ ਲੈਣ ਦਾ ਦਾਅਵਾ ਕੀਤਾ ਹੈ। ਪਰ ਪਹਿਲਗਾਮ ਦੀ ਕਤਲੋਗਾਰਤ ਦੇ ਅਸਲ ਦੋਸ਼ੀ ਕੌਣ ਸਨ ਅਤੇ ਉਹ ਮਾਰੇ ਗਏ ਹਨ ਜਾਂ ਨਹੀਂ ਇਹ ਸਪੱਸ਼ਟ ਨਹੀਂ ਹੈ। ਹਾਂ ਇੱਕ ਗੱਲ ਪੱਕੀ ਹੈ ਕਿ ਪਕਿਸਤਾਨ ਦਾ ਇਸ ਹਮਲੇ ਵਿੱਚ ਵੱਡਾ ਨੁਕਸਾਨ ਜ਼ਰੂਰ ਹੋਇਆ ਹੈ ਪਰ ਜਾਨ ਮਾਲ ਦੇ ਨੁਕਸਾਨ ਦਾ ਖਮਿਆਜ਼ਾ ਜੋ ਸਾਨੂੰ ਵੀ ਭੁਗਤਣਾ ਪਿਆ ਹੈ ਉਹ ਵੀ ਘੱਟ ਨਹੀਂ ਹੈ, ਬਹੁਤ ਸਾਰੇ ਲੋਕਾਂ ਨੂੰ ਸਾਰੀ ਜ਼ਿੰਦਗੀ ਨਾ ਭੁੱਲਣ ਵਾਲੇ ਗਹਿਰੇ ਜ਼ਖ਼ਮ ਦਿੱਤੇ ਹਨ, ਡਰ ਸਹਿਮ ਅਤੇ ਬੇਯਕੀਨੀ ਨੇ ਜ਼ਿੰਦਗੀ ਦੀ ਰਫ਼ਤਾਰ ਫਿੱਕੀ ਤੇ ਮੱਠੀ ਕਰ ਦਿੱਤੀ, ਹਰ ਕੋਈ ਅਮਨ ਅਮਾਨ ਲੋਚਦਾ ਜੰਗਬੰਦੀ ਦੀ ਖ਼ਬਰ ਸੁਣਨ ਲਈ ਉਤਾਵਲਾ ਸੀ। ਪਰ ਇਸ ਜੰਗ ਦੇ ਸੀਜ਼ ਫਾਇਰ ਦਾ ਅਮਰੀਕਨ ਮੁਖੀ ਵੱਲੋਂ ਕੀਤਾ ਐਲਾਨ ਹੈਰਾਨ ਕਰਨ ਵਾਲਾ ਹੈ ਜੋ ਵੱਡੇ ਸਵਾਲ ਖੜ੍ਹੇ ਕਰ ਗਿਆ ਹੈ। ਕੋਈ ਸ਼ੱਕ ਨਹੀਂ ਕਿ ਇਸ ਘਟਨਾ ਦੇ ਹਵਾਲੇ ਨਾਲ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਆਪਣੇ-ਆਪਣੇ ਹਿੱਤਾਂ ਦੀ ਪੂਰਤੀ ਹਿੱਤ ਪੀੜਤ ਲੋਕਾਂ ਦੀ ਪੀੜ ਵੰਡਾਉਣ ਦਾ ਭਰਮ ਪਾ ਕੇ ਜਨ ਸਾਧਾਰਣ ਨੂੰ ਭਰਮਾਉਣ ਲਈ ਕੋਈ ਕਸਰ ਨਹੀਂ ਛੱਡਣਗੀਆਂ ਪਰ ਤਸੱਲੀ ਇਸ ਗੱਲ ਦੀ ਹੈ ਕਿ ਦਹਿਸ਼ਤਗਰਦੀ ਖ਼ਿਲਾਫ਼ ਸਾਰਾ ਦੇਸ਼ ਹਰ ਹੀਲਾ ਹਰ ਹੰਭਲਾ ਮਾਰਨ ਲਈ ਇੱਕਮੁੱਠ ਤੇ ਇੱਕਜੁੱਟ ਹੈ।ਦੁਆ ਹੈ ਕਿ ਪਹਿਲਗਾਮ ਦੀਆਂ ਮੌਤਾਂ ’ਤੇ ਦਹਿਸ਼ਤਗਰਦੀ ਦੀ ਵੱਡੇ ਪੈਮਾਨੇ ’ਤੇ ਹੋਈ ਵਿਰੋਧਤਾ ਇੱਕ ਨਵਾਂ ਅਧਿਆਏ ਲਿਖ ਕੇ ਦਹਿਸ਼ਤਗਰਦੀ ਦੇ ਤਾਬੂਤ ਵਿੱਚ ਆਖ਼ਰੀ ਕਿੱਲ ਗੱਡ ਦੇਵੇ ਜੋ ਕਸ਼ਮੀਰ ਸਮੇਤ ਸਮੁੱਚੇ ਦੇਸ਼ ਲਈ ਅਮਨ ਤੇ ਸ਼ਾਂਤੀ ਲਿਆਵੇ।