Sunday, May 25, 2025  

ਲੇਖ

ਜਨਤਾ ਨੂੰ ਸ਼ਰੇਆਮ ਲੁੱਟਣ ਦੇ ਵੱਡੀਆਂ ਕੰਪਨੀਆਂ ਦੇ ਮੁਜਰਮਾਨਾ ਹਥਕੰਡੇ

May 24, 2025

23,ਮਈ -ਬਲਰਾਜ ਸਿੰਘ ਸਿੱਧੂ

ਅੱਜ -ਕਲ੍ਹ ਘਰੇਲੂ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਗਾਹਕਾਂ ਨੂੰ ਲੁੱਟਣ ਲਈ ਕੁਝ ਅਜਿਹੇ ਨਵੇਕਲੇ ਢੰਗ ਵਰਤੇ ਜਾ ਰਹੇ ਹਨ ਕਿ ਖ਼ਰੀਦਾਰ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਸ ਦੀ ਜੇਬ ਕੱਟੀ ਜਾ ਚੁੱਕੀ ਹੈ। ਆਨਲਾਈਨ ਸ਼ਾਪਿੰਗ ਐਪਾਂ ਨੇ ਤਾਂ ਇਸ ਧੰਦੇ ਨੂੰ ਸਿਰੇ ਲਗਾ ਦਿੱਤਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਐਂਡਰਾਇਡ ਮੋਬਾਇਲ ਫ਼ੋਨ (ਸੈਮਸੰਗ ਆਦਿ) ਤੋਂ ਕਿਸੇ ਸਾਮਾਨ ਦਾ ਮੁੱਲ ਚੈੱਕ ਕੀਤਾ ਜਾਵੇ ਤਾਂ ਉਹ ਆਈ.ਓ.ਐਸ. ਸਾਫਟੇਵਅਰ ਵਰਤਣ ਵਾਲੇ ਫ਼ੋਨ (ਐਪਲ) ਤੋਂ ਕਿਤੇ ਘੱਟ ਹੁੰਦਾ ਹੈ। ਸ਼ਾਇਦ ਇਹ ਕੰਪਨੀਆਂ ਸੋਚਦੀਆਂ ਹਨ ਕਿ ਸਸਤੇ ਚੀਨੀ ਫ਼ੋਨ ਵਾਲੇ ਐਪਲ ਫੋਨ ਵਾਲਿਆਂ ਤੋਂ ਗਰੀਬ ਹੁੰਦੇ ਹਨ। ਜਨਵਰੀ 2025 ਵਿੱਚ ਆਨਲਾਈਨ ਸ਼ਾਪਿੰਗ ਕੰਪਨੀ ਜ਼ੈਪਟੋ ’ਤੇ ਐਂਡਰਾਇਡ ਵਾਲਿਆਂ ਵਾਸਤੇ ਪਿਆਜ਼ ਦਾ ਰੇਟ 43 ਰੁਪਏ ਕਿਲੋ ਸੀ ਤੇ ਐਪਲ ਵਾਲਿਆਂ ਵਾਸਤੇ 57 ਰੁਪਏ ਕਿਲੋ, ਐਪਲ ਵਾਲਿਆਂ ਵਾਸਤੇ 500 ਗ੍ਰਾਮ ਅੰਗੂਰ 146 ਰੁਪਏ ਦੇ ਤੇ ਐਂਡਰਾਇਡ ਵਾਸਤੇ ਸਿਰਫ਼ 65 ਰੁਪਏ ਸੀ।
ਦੂਸਰਾ ਧੋਖਾ ਇਹ ਦਿੱਤਾ ਜਾ ਰਿਹਾ ਹੈ ਕਿ ਸਾਮਾਨ ਦਾ ਰੇਟ ਨਹੀਂ ਵਧਾਇਆ ਜਾ ਰਿਹਾ ਬਲਕਿ ਮਿਕਦਾਰ ਘੱਟ ਕੀਤੀ ਜਾ ਰਹੀ ਹੈ। ਮੈਗੀ ਨੂਡਲਜ਼ ਦੇ ਪੈਕਟ ਦਾ ਵਜ਼ਨ 80 ਗ੍ਰਾਮ ਤੋਂ ਘਟ ਕੇ 55 ਗ੍ਰਾਮ ਹੋ ਗਿਆ ਹੈ ਪਰ ਰੇਟ ਪੁਰਾਣਾ ਹੀ ਹੈ। ਲੇਜ਼ ਦੇ ਪੈਕਟ ਵਿੱਚ ਚਿਪਸ ਗਿਣਤੀ ਦੇ ਹੀ ਹੁੰਦੇ ਹਨ ਬਾਕੀ ਸਿਰਫ ਹਵਾ ਵੇਚੀ ਜਾ ਰਹੀ ਹੈ। ਇਸੇ ਤਰਾਂ ਭਾਂਡੇ ਧੋਣ ਵਾਲੀ ਵਿੰਮ ਬਾਰ, ਹਲਦੀ ਰਾਮ, ਮੈਡੋਨਾਲਡ, ਕੇਐਫਸੀ ਅਤੇ ਵਾਲਮਾਰਟ ਆਦਿ ਵੀ ਕਰ ਰਹੇ ਹਨ। 20 ਰੁਪਏ ਵਿੱਚ ਮਿਲਣ ਵਾਲੀ ਬੋਤਲ ਵਿੱਚ ਕੋਕ ਦੀ ਮਾਤਰਾ 250 ਮਿ.ਲੀ. ਤੋਂ ਘਟਾ ਕੇ 200 ਮਿ.ਲੀ. ਕਰ ਦਿੱਤੀ ਗਈ ਹੈ। ਇੱਥੋਂ ਤੱਕ ਕਿ ਟਾਇਲਟ ਪੇਪਰ ਦੀ ਲੰਬਾਈ ਵੀ ਚੁੱਪ ਚੁਪੀਤੇ 25 ਪ੍ਰਤੀਸ਼ਤ ਦੇ ਕਰੀਬ ਘਟਾ ਦਿੱਤੀ ਗਈ ਹੈ। ਕੁਝ ਸਾਲ ਪਹਿਲਾਂ ਪਾਰਲੇ ਜੀ ਦੇ 10 ਰੁਪਏ ਵਾਲੇ ਪੈਕਟ ਦਾ ਵਜ਼ਨ 140 ਗ੍ਰਾਮ ਸੀ ਜੋ ਹੁਣ ਘਟ ਕੇ 110 ਗ੍ਰਾਮ ਰਹਿ ਗਿਆ ਹੈ।
ਇਸ ਤੋਂ ਇਲਾਵਾ ਕੰਪਨੀਆਂ ਜਾਣ ਬੁੱਝ ਕੇ ਅਜਿਹੇ ਪ੍ਰੋਡਕਟ ਤਿਆਰ ਕਰਦੀਆਂ ਹਨ ਜੋ ਜਲਦੀ ਖ਼ਰਾਬ ਹੋ ਜਾਣ ਤਾਂ ਜੋ ਗਾਹਕ ਨੂੰ ਦੁਬਾਰਾ ਪੈਸਾ ਖਰਚਣਾ ਪਵੇ, ਹਾਲਾਂਕਿ ਉਨ੍ਹਾਂ ਕੋਲ ਵਧੀਆ ਸਾਮਾਨ ਤਿਆਰ ਕਰਨ ਦੀਆਂ ਅੱਤ ਆਧੁਨਿਕ ਤਕਨੀਕਾਂ ਮੌਜੂਦ ਹਨ। ਐਪਲ ਅਤੇ ਸੈਮਸੰਗ ਆਦਿ ਵਰਗੀਆਂ ਮੋਬਾਇਲ ਕੰਪਨੀਆਂ ਦੋ ਚਾਰ ਸਾਲਾਂ ਬਾਅਦ ਜਾਣ ਬੁੱਝ ਕੇ ਗਾਹਕਾਂ ਦੇ ਫ਼ੋਨਾਂ ਨੂੰ ਧੀਮਾ ਕਰ ਦਿੰਦੀਆਂ ਹਨ। ਇਹ ਗਾਹਕ ਨੂੰ ਦੱਸੇ ਬਗੈਰ ਅਜਿਹੇ ਸਾਫਟਵੇਅਰ ਅੱਪਡੇਟ ਭੇਜ ਦਿੰਦੀਆਂ ਹਨ ਜਿਨ੍ਹਾਂ ਨੂੰ ਡਾਊਨਲੋਡ ਕਰਨ ਉਪਰੰਤ ਫ਼ੋਨ ਧੀਮਾ ਹੋ ਜਾਂਦਾ ਹੈ। ਆਮ ਲੋਕਾਂ ਨੂੰ ਸ਼ਾਇਦ ਇਹ ਪਤਾ ਨਹੀਂ ਹੈ ਕਿ ਆਈਕੂ, ਰੀਅਲਮੀ, ਉਪੋ, ਵੀਵੋ ਅਤੇ ਵੰਨ ਪਲੱਸ ਬਰਾਂਡ ਦੇ ਮੋਬਾਇਲ ਫ਼ੋਨਾਂ ਦਾ ਨਿਰਮਾਣ ਚੀਨ ਦੀ ਇੱਕ ਹੀ ਕੰਪਨੀ ਬੀ.ਬੀ.ਕੇ ਇਲੈਕਟਰੋਨਿਕਸ ਦੁਆਰਾ ਕੀਤਾ ਜਾਂਦਾ ਹੈ। ਉਹ ਵੀ ਧੜੱਲੇ ਨਾਲ ਇਹ ਕੰਮ ਕਰ ਰਹੀ ਹੈ।
ਵਿਸ਼ਵ ਭਰ ਤੋਂ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਜੇ ਦੇਰ ਰਾਤ ਕਿਸੇ ਸੁੰਨਸਾਨ ਜਗ੍ਹਾ ਤੋਂ ਊਬਰ ਦੀ ਟੈਕਸੀ ਲੈਣ ਵਾਸਤੇ ਅਜਿਹੇ ਫ਼ੋਨ ਤੋਂ ਕਾਲ ਕੀਤੀ ਜਾਵੇ, ਜਿਸ ਦੀ ਸਿਰਫ਼ ਬੈਟਰੀ ਖ਼ਤਮ ਹੋਣ ਵਾਲੀ ਹੋਵੇ ਤਾਂ ਉਸ ਕੋਲੋਂ ਦੂਣੇ ਤੋਂ ਵੱਧ ਕਿਰਾਇਆ ਵਸੂਲਿਆ ਜਾਂਦਾ ਹੈ। ਕੰਪਨੀ ਦੇ ਸਰਵਰਾਂ ਵਿੱਚ ਅਜਿਹੀ ਤਕਨੀਕ ਲੋਡ ਕੀਤੀ ਗਈ ਹੈ ਜੋ ਉਸ ਵਿਅਕਤੀ ਦੀ ਮਜਬੂਰੀ ਸਮਝ ਜਾਂਦੇ ਹਨ ਕਿ ਇਸ ਕੋਲ ਜਲਦੀ ਟੈਕਸੀ ਲੈਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਊਬਰ ਦੀ ਇਸ ਠੱਗੀ ਦਾ ਪਰਦਾਫਾਸ਼ ਅਮਰੀਕਾ ਦੇ ਪ੍ਰਸਿੱਧ ਖੋਜੀ ਪੱਤਰਕਾਰ ਜੈਕ ਸ਼ੁਮੇਕਰ ਨੇ ਦਸੰਬਰ 2015 ਵਿੱਚ ਦਰਜਨਾਂ ਪੱਤਰਕਾਰਾਂ ਦੀ ਮੌਜੂਦਗੀ ਵਿੱਚ ਨਿਊਯਾਰਕ ਵਿਖੇ ਕੀਤਾ ਸੀ। ਰਾਤ ਦੇ 12.30 ਵਜੇ ਪਹਿਲਾਂ ਉਸ ਨੇ ਅਜਿਹੇ ਫ਼ੋਨ ਤੋਂ ਕਾਲ ਕੀਤੀ ਜਿਸ ਵਿੱਚ ਸਿਰਫ 3 ਪ੍ਰਤੀਸ਼ਤ ਬੈਟਰੀ ਬਚੀ ਸੀ ਤਾਂ ਕਿਰਾਇਆ ਦੱਸਿਆ ਗਿਆ 100 ਡਾਲਰ। ਫਿਰ ਉਸ ਨੇ 100 ਪ੍ਰਤੀਸ਼ਤ ਬੈਟਰੀ ਵਾਲੇ ਫ਼ੋਨ ਤੋਂ ਕਾਲ ਕੀਤੀ ਤਾਂ ਕਿਰਾਇਆ ਦੱਸਿਆ ਗਿਆ 50 ਡਾਲਰ। ਇਸ ਤੋਂ ਇਲਾਵਾ ਜਦੋਂ ਉਸ ਨੇ ਐਂਡਰਾਇਡ ਅਤੇ ਐਪਲ ਤੋਂ ਕਾਲ ਕੀਤੀ ਤਾਂ ਐਂਡਰਾਇਡ ਫ਼ੋਨ ’ਤੇ ਕਿਰਾਇਆ ਘੱਟ ਆਇਆ। ਇਸ ਕਾਰਨ ਦੁਨੀਆਂ ਭਰ ਵਿੱਚ ਊਬਰ ਦੀ ਬਦਨਾਮੀ ਹੋਈ ਸੀ ਤੇ ਉਸ ਨੂੰ ਕਈ ਮੁਕੱਦਮਿਆਂ ਦਾ ਸਾਹਮਣਾ ਕਰਨਾ ਪਿਆ ਸੀ।
ਫਰਵਰੀ 2025 ਵਿੱਚ ਊਬਰ ਦੇ ਸਾਬਕਾ ਇਕਨਾਮਿਕ ਰਿਸਰਚ ਚੀਫ਼ ਕੀਥ ਚੇਨ ਨੇ ਬੈਲਜ਼ੀਅਮ ਦੀ ਪ੍ਰਸਿੱਧ ਵੈੱਬ ਨਿਊਜ਼ ਪੋਰਟਲ ਐਨਪੀਆਰ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਊਬਰ ਦਾ ਭਾਂਡਾ ਭੰਨਿਆ ਸੀ ਕਿ ਉਸ ਦਾ ਸਾਫਟਵੇਅਰ ਘੱਟ ਬੈਟਰੀ ਵਾਲੇ ਫ਼ੋਨਾਂ ਤੋਂ ਕਾਲ ਕਰਨ ’ਤੇ ਵੱਧ ਕਿਰਾਇਆ ਵਸੂਲਦਾ ਹੈ। ਇਸ ਤੋਂ ਇਲਾਵਾ ਊਬਰ ਐਪਲ ਤੋਂ ਫ਼ੋਨ ਕਰਨ ’ਤੇ ਵੀ ਵੱਧ ਕਿਰਾਇਆ ਵਸੂਲਦਾ ਹੈ। ਇਹ ਕੰਮ ਇਕੱਲਾ ਊਬਰ ਹੀ ਨਹੀਂ, ਬਲਕਿ ਦੁਨੀਆਂ ਭਰ ਵਿੱਚ ਸੈਂਕੜੇ ਕੰਪਨੀਆਂ ਕਰ ਰਹੀਆਂ ਹਨ। ਜੇ ਸਭ ਦੀ ਜ਼ਰੂਰਤ ਬਣ ਚੁੱਕੇ ਮੋਬਾਇਲ ਫ਼ੋਨ ਦੀ ਗੱਲ ਕੀਤੀ ਜਾਵੇ ਤਾਂ ਕਿਸੇ ਵੀ ਮੋਬਾਇਲ ਦੀ ਬੈਟਰੀ 4–5 ਸਾਲ ਤੋਂ ਵੱਧ ਸਮਾਂ ਨਹੀਂ ਚੱਲਦੀ ਤੇ ਐਨੀ ਬੇਕਾਰ ਹੋ ਜਾਂਦੀ ਹੈ ਕਿ ਗਾਹਕ ਨੂੰ ਨਵਾਂ ਫ਼ੋਨ ਖ਼ਰੀਦਣ ਲਈ ਮਜਬੂਰ ਹੋਣਾ ਪੈਂਦਾ ਹੈ। ਸਭ ਨੂੰ ਪਤਾ ਹੈ ਕਿ ਜਦੋਂ ਮੋਬਾਇਲ ਨਵੇਂ-ਨਵੇਂ ਆਏ ਸਨ ਤਾਂ ਬੈਟਰੀ ਬਹੁਤ ਆਰਾਮ ਨਾਲ ਬਾਹਰ ਕੱਢੀ ਜਾ ਸਕਦੀ ਸੀ। ਪਰ ਹੁਣ ਬੈਟਰੀਆਂ ਨੂੰ ਇਸ ਢੰਗ ਨਾਲ ਪੈਕ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੂੰ ਬਾਹਰ ਕੱਢਣਾ ਲਗਭਗ ਨਾਮੁਮਕਿਨ ਹੈ। ਅੱਜ ਦੇ ਮੋਬਾਇਲ ਫੋਨ ਤਕਰੀਬਨ ਵੰਨ ਪੀਸ ਹੀ ਹੁੰਦੇ ਹਨ।
ਮੋਬਾਇਲ ਫ਼ੋਨਾਂ ਦੇ ਧੀਮਾ ਹੋਣ ਦੀਆਂ ਦੁਨੀਆਂ ਭਰ ਵਿੱਚੋਂ ਸ਼ਿਕਾਇਤਾਂ ਆ ਰਹੀਆਂ ਹਨ ਪਰ ਕੁਝ ਹੀ ਈਮਾਨਦਾਰ ਦੇਸ਼ਾਂ ਨੂੰ ਛੱਡ ਕੇ ਕਿਸੇ ਨੇ ਵੀ ਇਸ ਵੱਲ ਧਿਆਨ ਦੇਣ ਦੀ ਖੇਚਲ ਨਹੀਂ ਕੀਤੀ। 2018 ਵਿੱਚ ਇਟਲੀ ਦੀ ਸਰਕਾਰ ਨੇ ਇਸ ਸਬੰਧੀ ਤਫਤੀਸ਼ ਕਰਨ ਲਈ ਇੱਕ ਹਾਈ ਪਾਵਰ ਕਮੇਟੀ ਨਿਯੁਕਤ ਕੀਤੀ ਸੀ ਜਿਸ ਦੀ ਰਿਪੋਰਟ ਵਿੱਚ ਗਾਹਕਾਂ ਦੀਆਂ ਸ਼ਿਕਾਇਤਾਂ ਸਹੀ ਪਾਈਆਂ ਗਈਆਂ ਸਨ। ਇਸ ਤੋਂ ਬਾਅਦ ਇਟਲੀ ਨੇ ਐਪਲ ’ਤੇ ਇੱਕ ਕਰੋੜ ਯੂਰੋ (ਤਕਰੀਬਨ 100 ਕਰੋੜ ਰੁਪਏ) ਅਤੇ ਸੈਮਸੰਗ ’ਤੇ 50 ਲੱਖ ਯੂਰੋ (ਤਕਰੀਬਨ 50 ਕਰੋੜ ਰੁਪਏ) ਦਾ ਜੁਰਮਾਨਾ ਕੀਤਾ ਗਿਆ। 2020 ਵਿੱਚ ਫਰਾਂਸ ਨੇ ਵੀ ਇਸੇ ਕਾਰਨ ਐਪਲ ’ਤੇ ਢਾਈ ਕਰੋੜ ਯੂਰੋ (ਤਕਰੀਬਨ ਢਾਈ ਅਰਬ ਰੁਪਏ) ਦਾ ਜੁਰਮਾਨਾ ਲਗਾਇਆ ਸੀ ਤੇ 2024 ਦੌਰਾਨ ਐਪਲ ਨੂੰ ਅਮਰੀਕਾ ਵਿੱਚ ਵੀ ਗਾਹਕਾਂ ਨੂੰ ਇਸੇ ਕਾਰਨ 50 ਕਰੋੜ ਡਾਲਰ (ਤਕਰੀਬਨ 40 ਅਰਬ ਰੁਪਏ) ਦੇਣੇ ਪਏ ਸਨ। ਪਰ ਇਹ ਤਰੀਕਾ ਕੋਈ ਨਵਾਂ ਨਹੀਂ ਹੈ। ਕਰੀਬ 100 ਸਾਲ ਪਹਿਲਾਂ ਬਿਜਲੀ ਦੇ ਬਲਬ ਬਣਾਉਣ ਵਾਲੀਆਂ ਕੰਪਨੀਆਂ ਨੇ ਵੀ ਇਹ ਢੰਗ ਅਪਣਾਇਆ ਸੀ। ਪਹਿਲਾਂ ਉਹ ਅਜਿਹੇ ਬਲਬ ਬਣਾਉਂਦੇ ਸਨ ਜੋ ਲੰਬਾ ਸਮਾਂ ਚੱਲਦੇ ਸਨ ਜਿਸ ਕਾਰਨ ਉਨ੍ਹਾਂ ਦਾ ਮੁਨਾਫ਼ਾ ਬਹੁਤ ਘਟ ਗਿਆ ਸੀ। ਫਿਰ ਉਨ੍ਹਾਂ ਨੇ ਇੱਕ ਗੁਪਤ ਸਮਝੌਤਾ ਕੀਤਾ ਤੇ ਅਜਿਹੇ ਬਲਬ ਬਣਾਉਣੇ ਸ਼ੁਰੂ ਕਰ ਦਿੱਤੇ ਜੋ ਤਿੰਨ ਚਾਰ ਮਹੀਨੇ ਤੋਂ ਵੱਧ ਨਹੀਂ ਸੀ ਚੱਲਦੇ। ਹੁਣ ਫਰਿੱਜ਼, ਮਾਈਕਰੋਵੇਵ ਤੇ ਵਾਸ਼ਿੰਗ ਮਸ਼ੀਨਾਂ ਆਦਿ ਬਣਾਉਣ ਵਾਲੀਆਂ ਕੰਪਨੀਆਂ ਨੇ ਵੀ ਇਹ ਨੀਤੀ ਅਪਣਾ ਲਈ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ 6–7 ਸਾਲ ਤੋਂ ਬਾਅਦ ਖ਼ਰਾਬ ਹੋਣਾ ਸ਼ੁਰੂ ਹੋ ਜਾਂਦੇ ਹਨ। ਜੇ ਆਪਣੇ ਮਾਪਿਆਂ ਨੂੰ ਪੁੱਛਿਆ ਜਾਵੇ ਤਾਂ ਪਤਾ ਚੱਲਦਾ ਹੈ ਕਿ ਉਨ੍ਹਾਂ ਦੇ ਜ਼ਮਾਨੇ ਵਿੱਚ ਫਰਿੱਜ਼ ਤੇ ਵਾਸ਼ਿੰਗ ਮਸ਼ੀਨਾਂ ਆਦਿ ਸਾਲ ਦਰ ਸਾਲ ਚੱਲਦੇ ਸਨ। ਮੇਰੇ ਜਨਮ (1965) ਵੇਲੇ ਖ਼ਰੀਦਿਆ ਗਿਆ ਊਸ਼ਾ ਕੰਪਨੀ ਦਾ ਛੱਤ ਵਾਲਾ ਪੱਖਾ ਹੁਣ ਤੱਕ ਵੀ ਠੀਕ-ਠਾਕ ਚੱਲ ਰਿਹਾ ਹੈ।
ਕੰਪਨੀਆਂ ਦੀਆਂ ਇਨ੍ਹਾਂ ਮਨਮਾਨੀਆਂ ਨੂੰ ਸਿਰਫ਼ ਸਰਕਾਰਾਂ ਹੀ ਨੱਥ ਪਾ ਸਕਦੀਆਂ ਹਨ। ਮਿਸਾਲ ਦੇ ਤੌਰ ’ਤੇ 2021 ਵਿੱਚ ਯੂਰਪੀਨ ਯੂਨੀਅਨ ਨੇ ਰਾਈਟ ਟੂ ਰਿਪੇਅਰ ਕਾਨੂੰਨ ਪਾਸ ਕੀਤਾ ਸੀ, ਜਿਸ ਅਨੁਸਾਰ ਕੰਪਨੀਆਂ ਨੂੰ ਪਾਬੰਦ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਕਿਸੇ ਵੀ ਵਸਤੂ ਨੂੰ ਬਣਾਉਣ ਤੋਂ ਲੈ ਕੇ ਦਸ ਸਾਲ ਤੱਕ ਉਸ ਦੇ ਸਪੇਅਰ ਪਾਰਟ ਮੁਹੱਈਆ ਕਰਵਾਉਣੇ ਪੈਣਗੇ। ਕਿਸੇ ਵੀ ਵਸਤੂ ਨੂੰ ਘਰ ਵਿੱਚ ਹੀ ਰਿਪੇਅਰ ਕਰਨਾ ਆਸਾਨ ਹੋਣਾ ਚਾਹੀਦਾ ਹੈ। ਜੋ ਵੀ ਨਟ ਬੋਲਟ ਅਤੇ ਕਿੱਲ ਕਾਂਟੇ ਆਦਿ ਵਰਤੇ ਜਾਣ, ਉਹ ਆਸਾਨੀ ਨਾਲ ਸੰਸਾਰ ਦੇ ਹਰ ਦੇਸ਼ ਵਿੱਚ ਮਿਲਦੇ ਹੋਣੇ ਚਾਹੀਦੇ ਹਨ। ਜੇ ਗਾਹਕ ਉਸ ਵਸਤੂ ਦੀ ਰਿਪੇਅਰ ਖ਼ੁਦ ਕਰੇ ਜਾਂ ਆਪਣੀ ਮਰਜ਼ੀ ਦੇ ਮੈਕਨਿਕ ਤੋਂ ਕਰਵਾਏ, ਵਾਰੰਟੀ ਖ਼ਤਮ ਨਹੀਂ ਕੀਤੀ ਜਾ ਸਕਦੀ। ਇਸ ਕਾਨੂੰਨ ਅਧੀਨ ਐਪਲ ਨੂੰ ਵੀ ਆਪਣੇ ਫ਼ੋਨ ਚਾਰਜ ਕਰਨ ਲਈ ਯੂਨੀਵਰਸਲ ਚਾਰਜਰ ਵਰਤਣਾ ਸ਼ੁਰੂ ਕਰਨਾ ਪਿਆ ਹੈ, ਜੋ ਸੈਮਸੰਗ ਆਦਿ ਦੁਨੀਆਂ ਦੀਆਂ ਬਾਕੀ ਕੰਪਨੀਆਂ ਵਰਤ ਰਹੀਆਂ ਹਨ।
ਪੱਛਮੀ ਦੇਸ਼ਾਂ ਵਿੱਚ ਗਾਹਕ ਬਹੁਤ ਜਾਗਰੂਕ ਹਨ, ਉਹ ਕੰਪਨੀਆਂ ਦੀ ਥੋੜ੍ਹੀ ਜਿਹੀ ਬੇਈਮਾਨੀ ਕਰਨ ’ਤੇ ਹੀ ਕੇਸ ਕਰ ਦਿੰਦੇ ਹਨ। ਪਰ ਭਾਰਤ ਵਰਗੇ ਦੇਸ਼ਾਂ ਵਿੱਚ ਅਨਪੜ੍ਹਤਾ ਅਤੇ ਆਪਣੇ ਹੱਕਾਂ ਦੀ ਜਾਣਕਾਰੀ ਨਾ ਹੋਣ ਕਾਰਨ ਲੋਕ ਚੁੱਪ-ਚਾਪ ਇਨ੍ਹਾਂ ਕੰਪਨੀਆਂ ਦੇ ਜ਼ੁਲਮ ਸਹਿ ਰਹੇ ਹਨ। ਇਹ ਹੁਣ ਕੇਂਦਰ ਅਤੇ ਸੂਬਾਈ ਸਰਕਾਰਾਂ ਦੀ ਜ਼ਿੰਮੇਵਾਰੀ ਹੈ, ਕਿ ਉਹ ਇਸ ਸਬੰਧੀ ਸਖ਼ਤ ਕਾਨੂੰਨ ਬਣਾਉਣ ਤੇ ਆਮ ਜਨਤਾ ਦੇ ਹੱਕਾਂ ਦੀ ਰਾਖੀ ਕਰਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ