23,ਮਈ (-ਗੁਰਪ੍ਰੀਤ ਸਿੰਘ ਬੀੜ ਕਿਸ਼ਨ)
ਮਨੁੱਖ ਪ੍ਰਾਚੀਨ ਕਾਲ ਤੋਂ ਹੀ ਯਾਤਰਾਵਾਂ ਦਾ ਸ਼ੌਕੀਨ ਰਿਹਾ ਹੈ। ਅੱਜ ਸਾਡੇ ਸਾਹਮਣੇ ਜੋ ਇਤਿਹਾਸ ਉੱਪਲਬਧ ਹੈ, ਉਸ ਵਿੱਚ ਇਨ੍ਹਾਂ ਹੀ ਯਾਤਰਾਵਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਜਿਉਂ–ਜਿਉਂ ਮਨੁੱਖ ਨੂੰ ਸੌਝੀ ਆਉਂਦੀ ਗਈ, ਉਸ ਦੇ ਬੌਧਿਕ ਵਿਕਾਸ ਵਿੱਚ ਵਾਧਾ ਹੁੰਦਾ ਚਲਾ ਗਿਆ। ਇਸ ਗਿਆਨ ਦੇ ਸਹਾਰੇ ਹੀ ਉਹ ਜੰਗਲ-ਬੇਲਿਆ, ਉਜਾੜਾ, ਮਾਰੂਥਲਾਂ ਤੇ ਸਾਗਰਾਂ ਨੂੰ ਤਰਦਾ ਹੋਇਆ ਵੱਖ–ਵੱਖ ਸੱਭਿਆਚਰਕ ਰੀਤਾਂ–ਰਿਵਾਜਾਂ ਤੋਂ ਜਾਣੂ ਹੁੰਦਾ ਰਿਹਾ ਹੈ ।
ਅੱਜ-ਕਲ੍ਹ ਜਿੱਥੇ ਮਨੁੱਖ ਨੇ ਯਾਤਰਾਵਾਂ ਨੂੰ ਆਪਣੇ ਆਨੰਦ ਨਾਲ਼ ਜੋੜ ਲਿਆ ਹੈ, ਉੱਥੇ ਹੀ ਉਹ ਫੁਰਸਤ ਦੇ ਪਲਾਂ ਵਿੱਚ ਆਪਣੇ ਦੂਰ-ਦੁਰਾਡੇ ਰਿਸ਼ਤੇਦਾਰਾਂ ਜਾਂ ਦੋਸਤ–ਮਿੱਤਰਾਂ ਕੋਲ ਜਾ ਕੇ ਆਪਣੀ ਹਾਜ਼ਰੀ ਲਗਵਾਉਂਦਾ ਹੈ। ਅਜਿਹਾ ਕਰਨ ਦੇ ਨਾਲ਼ ਜਿੱਥੇ ਭਾਈਚਾਰਕ ਸਾਂਝ ਵਿੱਚ ਵਾਧਾ ਹੁੰਦਾ ਹੈ, ਉੱਥੇ ਹੀ ਗਿਆਨ ਦੇ ਨਾਲ-ਨਾਲ ਬੋਲ-ਚਾਲ ਹਾਵ-ਭਾਵ ਵਿੱਚ ਵੀ ਬਦਲਾਅ ਆਉਂਦਾ ਹੈ। ਇਸ ਲਈ ਜਦੋਂ ਮਨੁੱਖ ਨੇ ਯਾਤਰਾਵਾਂ ਲਈ ਆਪਣਾ ਪਹਿਲਾ ਕਦਮ ਪੁੱਟਿਆ ਹੋਵੇਗਾ ਤਾਂ ਉਸ ਦੇ ਰਾਹ ਵਿੱਚ ਇੱਕ ਨਹੀਂ ਸਗੋਂ ਬੇਸ਼ੁਮਾਰ ਔਕੜਾਂ ਮੂੰਹ ਅੱਡੀ ਖੜ੍ਹੀਆਂ ਹੋਣਗੀਆਂ, ਜਿੰਨ੍ਹਾਂ ਨਾਲ਼ ਨਜਿੱਠਦਾ ਹੋਇਆ ਉਹ ਵੱਖ–ਵੱਖ ਥਾਵਾਂ ਉੱਪਰ ਵਿਚਰਦਾ ਹੋਇਆ ਭਵਿੱਖ ਦਾ ਰਾਹ ਉੱਜਵਲ ਕਰ ਰਿਹਾ ਹੋਵੇਗਾ, ਉਸ ਦੁਆਰਾਂ ਗਾਹੀਆਂ ਪਗਡੰਡੀਆਂ ਉੱਪਰ ਹੀ ਅੱਜ ਲਿੰਕ ਸੜਕਾਂ ਤੇ ਮੁੱਖ ਹਾਈ-ਵੇਅ ਬਣੇ ਹਨ, ਜਿਸ ਨਾਲ਼ ਆਵਾਜਾਈ ਤੇ ਵਾਪਾਰ ਦੇ ਸਾਧਨ ਉੱਨਤ ਹੋਏ। ਜਿਸ ਤੋਂ ਅੱਗੇ ਚੱਲ ਕੇ ਵੱਖ-ਵੱਖ ਕਾਢਾਂ ਦੀ ਖੋਜ ਹੋਈ, ਜਿਸ ਨਾਲ਼ ਅੱਜ ਦੇ ਮਨੁੱਖ ਦਾ ਜੀਵਨ ਬਹੁਤ ਹੀ ਅਰਾਮਦਾਇਕ ਬਣ ਗਿਆ ਹੈ। ਯਾਤਰਾਵਾਂ ਦਾ ਇਤਿਹਾਸਿਕ, ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਪੱਧਰ ਉੱਪਰ ਆਪਣਾ ਹੀ ਮਹੱਤਵ ਹੈ। ਇਤਿਹਾਸ ਨੂੰ ਜਾਨਣ ਵਾਲ਼ੇ ਇਤਿਹਾਸਕ ਥਾਵਾਂ ਦੀ, ਧਰਮ ਦਾ ਅਧਿਐਨ ਕਰਨ ਵਾਲੇ ਧਾਰਮਿਕ ਥਾਵਾਂ ਦੀ ਅਤੇ ਸਮਾਜਿਕ ਰੂਹ–ਰੀਤਾਂ ਨੂੰ ਜਾਨਣ ਵਾਲ਼ੇ ਸਮਾਜਿਕ ਥਾਵਾਂ ਦੀ ਯਾਤਰਾ ਦਾ ਆਨੰਦ ਮਾਣਦੇ ਹਨ।
ਇਤਿਹਾਸ ਦੇ ਝਰੋਖੇ ਵੱਲ ਜੇ ਇੱਕ ਸਰਸਰੀ ਜਿਹੀ ਨਜ਼ਰ ਮਾਰੀ ਜਾਵੇ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਮਨੁੱਖ ਕਿਵੇਂ ਦੁਰਗਮ ਰਾਹਾਂ ਨੂੰ ਪਾਰ ਕਰਦਾ ਹੋਇਆ ਨਵਾਂ ਇਤਹਾਸ ਸਿਰਜਦਾ ਹੋਇਆ, ਅੱਜ ਦੇ ਆਧੁਨਿਕ ਸਮੇਂ ਦਾ ਗਵਾਹ ਬਣਿਆ ਹੈ। ਅੱਜ ਜੋ ਸੁੱਖ-ਸਹੂਲਤਾਂ ਜਾਂ ਅਤਿ-ਆਧੁਨਿਕ ਯੁੱਗ ਵਿੱਚ ਜੀਅ ਰਹੇ ਹਾਂ, ਇਸ ਦੇ ਵਿੱਚ ਹੀ ਬਹੁਤ ਵੱਡਾ ਹੱਥ ਮਨੁੱਖ ਦੀਆਂ ਇਨ੍ਹਾਂ ਯਾਤਰਾਵਾਂ ਦਾ ਹੀ ਰਿਹਾ ਹੈ। ਪ੍ਰਾਚੀਨ ਕਾਲ, ਮੱਧ ਕਾਲ ਜਾਂ ਆਧਨਿਕ ਯੁੱਗ ਵਿੱਚ ਜਿਸ ਤਰ੍ਹਾਂ ਸਿੱਕੇ, ਮੋਹਰਾਂ, ਝੰਡੇ, ਸਮਾਰਕ ਤੇ ਭਵਨ ਜਾਂ ਹੋਰ ਚੀਜ਼ਾਂ ਦਾ ਵਿਸ਼ੇਸ਼ ਸਥਾਨ ਰਿਹਾ ਹੈ । ਜਿਸ ਤੋਂ ਉਸ ਕਾਲ ਦਾ ਸਹਿਜੇ ਹੀ ਅੰਦਾਜ਼ਾ ਲੱਗ ਜਾਂਦਾ ਹੈ। ਗੁਪਤ ਕਾਲ ਨੂੰ ਸੁਨਹਿਰੀ ਕਾਲ ਕਿਹਾ ਜਾਂਦਾ ਹੈ, ਜਿਸ ਦਾ ਪਤਾ ਉਸ ਸਮੇਂ ਦੇ ਪ੍ਰਾਪਤ ਹੋਏ ਵੱਖ–ਵੱਖ ਦਸਤਾਵੇਜ਼ਾਂ ਤੋਂ ਲੱਗਦਾ ਹੈ।
ਭਾਰਤ ਦੇ ਪਹਿਲੇ ਸੁਤੰਤਰ ਸਮਰਾਟ ਚੰਦਰ-ਗੁਪਤ ਮੌਰੀਆ ਬਾਰੇ ਜੋ ਸੰਪੂਰਨ ਜਾਣਕਾਰੀ ਮਿਲ ਰਹੀ ਹੈ ਤਾਂ ਇਸ ਦਾ ਕਾਰਨ ਪ੍ਰਸਿੱਧ ਫਿਲਾਸਫਰ ਮੇਗਸਥਨੀਜ਼ ਜੋ ਗ੍ਰੀਕ ਦੇਸ਼ ਦਾ ਵਾਸੀ ਸੀ ਤੇ ਉਸ ਨੇ ਭਾਰਤ ਦੀ ਯਾਤਰਾ ਕੀਤੀ ਤੇ ਮੌਰੀਆ ਕਾਲ ਤੇ ਭਾਰਤੀ ਸਮਾਜ ਬਾਰੇ ਵੱਡਮੁੱਲੀ ਜਾਣਕਾਰੀ ਨੂੰ ਇਕੱਤਰ ਕਰਕੇ ਆਪਣੀ ਵਿਸ਼ਵ ਪ੍ਰਸਿੱਧ ਪੁਸਤਕ ਇੰਡੀਕਾ ਵਿੱਚ ਦਰਜ ਕੀਤਾ, ਉਸ ਤੋਂ ਅੱਗੋਂ ਦੀ ਯਾਤਰਾ ਚੀਨੀ ਯਾਤਰੀ ਫਾਹੀਯਾਨ ਨੇ ਕੀਤੀ ਜੋ ਚੰਦਰ ਗੁਪਤ ਵਿਕਰਮਾਦਿੱਤਿਆ ਦੇ ਦਰਬਾਰ ਵਿੱਚ ਗੁਪਤ ਕਾਲ ਦੇ ਸਮੇਂ ਵਿੱਚ ਹਾਜ਼ਰ ਹੋਇਆ ਸੀ ਜੋ ਬੁੱਧ ਧਰਮ ਨਾਲ਼ ਸੰਬੰਧਿਤ ਅਧਿਐਨ ਕਰ ਰਿਹਾ ਸੀ। ਇਸੇ ਲੜੀ ਤਹਿਤ ਅੱਗੇ ਹਿਊਨਸਾਂਗ ਵੀ ਇੱਕ ਚੀਨੀ ਯਾਤਰੀ ਸੀ ਜੋ ਹਰਸ-ਵਰਧਨ ਦੇ ਸਮੇਂ ਭਾਰਤ ਵਿੱਚ ਆਇਆ ਅਤੇ ਲੰਮਾ ਸਮਾਂ ਇਸ ਦੇ ਦਰਬਾਰ ਵਿੱਚ ਰਿਹਾ, ਜਿਸ ਨੇ ਜਾਤ ਪ੍ਰਥਾ ਅਤੇ ਹੋਰ ਸਮਾਜਿਕ ਪਹਿਲੂਆਂ ਉੱਪਰ ਨਿੱਠ ਕੇ ਕੰਮ ਕੀਤਾ ਤੇ ਇਕੱਤਰ ਕੀਤੇ ਵੇਰਵੇ ਆਪਣੀ ਕਿਤਾਬ ਸੀ.ਯੂ.ਕੀ. ਵਿੱਚ ਦਰਜ ਕੀਤੇ।
ਜਦੋਂ ਵੀ ਵਿਦੇਸ਼ੀ ਹਮਲਾਵਰ ਭਾਰਤ ਵਿੱਚ ਆਏ ਤਾਂ ਉਹ ਆਪਣੇ ਨਾਲ਼ ਕਵੀਆ ਜਾਂ ਇਤਿਹਾਸਕਾਰਾਂ ਨੂੰ ਜ਼ਰੂਰ ਨਾਲ਼ ਲੈ ਕੇ ਆਉਂਦੇ ਰਹੇ ਤਾਂ ਜੋ ਉਹ ਉਨ੍ਹਾਂ ਦੀਆਂ ਲੜਾਈਆਂ ਤੇ ਬੀਰਤਾ ਦੇ ਜਸ ਨੂੰ ਜਨ-ਜਨ ਤੱਕ ਪਹੁੰਚਾ ਸਕਣ। ਮੁਹੰਮਦ ਗਜਨਵੀ ਜਿਸ ਨੇ ਭਾਰਤ ਉੱਪਰ ਸਤਾਰਾਂ ਹਮਲੇ ਕੀਤੇ ਤੇ ਭਾਰਤੀ ਅਰਥ-ਵਿਵਸਥਾ ਨੂੰ ਭਾਰੀ ਚੋਟ ਮਾਰੀ ਜਦੋਂ ਵੀ ਭਾਰਤ ਆਇਆ ਤਾਂ ਉਸ ਦੇ ਨਾਲ਼ ਪ੍ਰਸਿੱਧ ਇਤਿਹਾਸਕਾਰ ਅਲਬਰੂਨੀ ਵੀ ਹਾਜ਼ਰ ਹੁੰਦਾ, ਜਿਸ ਨੇ ਭਾਰਤ ਦਾ ਵੱਖ –ਵੱਖ ਤਰ੍ਹਾਂ ਨਾਲ ਅਧਿਐਨ ਕੀਤਾ ਤੇ ਉਸ ਨੂੰ ਆਪਣੀ ਕਿਤਾਬ ‘ਕਿਤਾਬ ਉੱਲ ਹਿੰਦ’ , ਅਤੇ ਤਹਿਰੀਕ–ਏ-ਹਿੰਦ ਵਿੱਚ ਵਿਸਥਾਰਪੂਰਵਕ ਵਰਨਣ ਕੀਤਾ। ਇਸ ਤਰ੍ਹਾਂ ਇਹ ਯਾਤਰੀ ਜੇਕਰ ਆਪਣੇ ਅਨੁਭਵ ਨੂੰ ਕਿਤਾਬੀ ਰੂਪ ਵਿੱਚ ਦਰਜ ਨਾ ਕਰਦੇ ਤਾਂ ਸਾਡੇ ਤੱਕ ਇਹ ਬੇਸ਼-ਕੀਮਤੀ ਜਾਣਕਾਰੀ ਨਹੀਂ ਪਹੁੰਚਣੀ ਸੀ। ਇੱਥੇ ਹੀ ਪੰਜਾਬੀ ਦੇ ਪ੍ਰਸਿੱਧ ਸ਼ੋਮਣੀ ਸਾਹਿਤਕਾਰ ਸੁਰਜੀਤ ਸਿੰਘ ਮਰਜਾਰਾ ਸਾਹਿਬ ਹੋਰਾਂ ਦਾ ਜ਼ਿਕਰ ਕਰਨਾ ਵੀ ਵਿਸ਼ੇਸ਼ ਤੌਰ ’ਤੇ ਬਣਦਾ ਹੈ। ਉਨ੍ਹਾਂ ਨੂੰ ਯਾਤਰਾਵਾਂ ਦੀ ਸਦਾ ਹੀ ਭਾਰੀ ਖਿੱਚ ਰਹੀ ਹੈ। ਅਧਿਆਪਨ ਕਿੱਤੇ ਨਾਲ ਸੰਬੰਧਿਤ ਹੋਣ ਕਰਕੇ ਉਹ ਗਰਮੀਆਂ ਦੀਆਂ ਛੁੱਟੀਆਂ ਹੋਣ ਤੋਂ ਪਹਿਲਾਂ ਹੀ ਆਪਣੀਆਂ ਸਰਗਰਮੀਆਂ ਅਰੰਭ ਕਰ ਦਿੰਦੇ ਅਤੇ ਫਿਰ ਲੰਮੀਆਂ–ਲੰਮੀਆਂ ਯਾਤਰਾਵਾਂ ਲਈ ਆਪਣਾ ਸਾਰਾ ਸਾਮਾਨ ਪੈਕ ਕਰ ਕੇ ਚਲੇ ਜਾਂਦੇ ਤੇ ਕੁਦਰਤੀ ਗੋਦ ਦਾ ਭਰਪੂਰ ਅਨੰਦ ਮਾਣਦੇ।
ਹਿਮਾਚਲ ਪ੍ਰਦੇਸ਼, ਉੱੱਤਰਖੰਡ ਅਤੇ ਜੰਮੂ-ਕਸ਼ਮੀਰ ਦੇ ਕੁਦਰਤੀ ਨਜ਼ਾਰੇ ਆਪ ਦੇ ਮਨ ਨੂੰ ਬਹੁਤ ਪ੍ਰਭਾਵਿਤ ਕਰਦੇ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਲੇਖਕ ਨੂੰ ਜ਼ਰੂਰ ਲੰਮੀਆਂ ਯਾਤਰਾਵਾਂ ਕਰਨੀਆਂ ਚਾਹੀਦੀਆਂ ਹਨ ।ਜਿਸ ਨਾਲ਼ ਉਸ ਦੀ ਗਿਆਨ ਦ੍ਰਿਸ਼ਟੀ ਵਿੱਚ ਅਥਾਹ ਵਾਧਾ ਹੁੰਦਾ ਹੈ। ਇਸ ਗਿਆਨ ’ਚੋਂ ਲੋਅ ਲੈ ਕੇ ਹੀ ਮਰਜਾਰਾ ਸਾਹਿਬ ਨੇ ਪੰਜਾਬੀ ਮਾਂ-ਬੋਲੀ ਦੀ ਝੋਲੀ ਵਿੱਚ ਸੱਤ ਯਾਤਰਾਨਾਮੇ ਪਾ ਉਸ ਨੂੰ ਹੋਰ ਅਮੀਰੀ ਪ੍ਰਦਾਨ ਕੀਤੀ ਹੈ। ਯਾਤਰਾਵਾਂ ਸਦਾ ਹੀ ਹਰ ਪੱਖੋਂ ਵਿਕਾਸ ਦੀ ਗਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਰਹੀਆਂ ਹਨ । ਅੱਜ ਦੀ ਅਤਿ ਨੱਠ-ਭੱਜ ਦੀ ਜ਼ਿੰਦਗੀ ਵਿੱਚ ਜਿੱਥੇ ਮਨੁੱਖ ਅਕਾਊ ਤੇ ਥਕਾਊ ਮਹਿਸੂਸ ਕਰ ਰਿਹਾ ਹੈ, ਉੱਥੇ ਯਾਤਰਾਵਾਂ ਹੀ ਮਨੁੱਖੀ ਮਨ ਨੂੰ ਤਰੋ-ਤਾਜ਼ਗੀ ਤੇ ਸ਼ਾਂਤੀ ਪ੍ਰਦਾਨ ਕਰਦੀਆਂ ਹਨ। ਯਾਤਰਾਵਾਂ ਦੀ ਅਹਿਮੀਅਤ ਹਰ ਯੁੱਗ ਵਿੱਚ ਹੀ ਰਹੀ ਹੈ ਤੇ ਹਰ ਯੁੱਗ ਵਿੱਚ ਰਹੇਗੀ।