Sunday, May 25, 2025  

ਲੇਖ

ਦਾਜ ਵਿਰੁੱਧ ਲੜਾਈ ਦੀ ਸਫ਼ਲਤਾ ਲਈ ਸੌੜੀ ਸੋਚ ਦਾ ਖ਼ਾਤਮਾ ਜ਼ਰੂਰੀ

May 24, 2025

23,ਮਈ (ਡਾ. ਸਤਿਆਵਾਨ ਸੌਰਭ)

ਦਾਜ ਪ੍ਰਥਾ ਭਾਰਤ ’ਚ ਇੱਕ ਸਮਾਜਿਕ ਸ਼ਰਾਪ ਹੈ ਜੋ ਅਜੇ ਵੀ ਡੂੰਘੀਆਂ ਜੜ੍ਹਾਂ ਵਿੱਚ ਜਕੜਿਆ ਹੋਇਆ ਹੈ। ਦਾਜ ਲੈਣਾ ਨਾ ਸਿਰਫ਼ ਇੱਕ ਅਪਰਾਧ ਹੈ, ਸਗੋਂ ਇਹ ਉਸ ਔਰਤ ਦੀ ਇੱਜ਼ਤ ਦਾ ਅਪਮਾਨ ਹੈ ਜਿਸ ਨੂੰ ਸਮਾਜ ਵਿੱਚ ਧੀ, ਪਤਨੀ ਅਤੇ ਨੂੰਹ ਦੇ ਰੂਪ ਵਿੱਚ ਉੱਚਾ ਦਰਜਾ ਦਿੱਤਾ ਜਾਂਦਾ ਹੈ। ਹਾਲਾਂਕਿ, ਇਹ ਅਭਿਆਸ ਸਿਰਫ਼ ਮਰਦਾਂ ਦੇ ਲਾਲਚ ਤੱਕ ਸੀਮਿਤ ਨਹੀਂ ਹੈ, ਕਈ ਵਾਰ, ਪਰਿਵਾਰ ਅਤੇ ਸਮਾਜ ਦੀ ਸੋਚ ਵੀ ਇਸ ਨੂੰ ਉਤਸ਼ਾਹਿਤ ਕਰਨ ਵਿੱਚ ਸ਼ਾਮਲ ਹੁੰਦੀ ਹੈ।
ਦਾਜ ਦੇ ਖ਼ਿਲਾਫ਼ ਬੋਲਣਾ ਇੱਕ ਗੱਲ ਹੈ ਤੇ ਆਪਣੀਆਂ ਧੀਆਂ ਲਈ ਇੱਕ ਅਮੀਰ ਲਾੜਾ ਲੱਭਣਾ ਦੂਜੀ ਗੱਲ ਹੈ। ਇਹ ਵਿਰੋਧਾਭਾਸ ਸਾਡੀ ਮਾਨਸਿਕਤਾ ਵਿੱਚ ਡੂੰਘੇ ਪਾੜੇ ਨੂੰ ਉਜ਼ਾਗਰ ਕਰਦਾ ਹੈ। ਇੱਕ ਪਾਸੇ, ਅਸੀਂ ਦਾਜ ਦਾ ਵਿਰੋਧ ਕਰਦੇ ਹਾਂ, ਪੋਸਟਾਂ ਲਿਖਦੇ ਹਾਂ, ਨਾਅਰੇ ਲਗਾਉਂਦੇ ਹਾਂ ਤੇ ਦੂਜੇ ਪਾਸੇ ਜਦੋਂ ਸਾਡੀਆਂ ਧੀਆਂ ਦੇ ਵਿਆਹ ਦੀ ਗੱਲ ਆਉਂਦੀ ਹੈ ਤਾਂ ਅਸੀਂ ਇੱਕ ਅਮੀਰ ਪਰਿਵਾਰ ਦੇ ਅਤੇ ਮੋਟੀ ਤਨਖ਼ਾਹ ਵਾਲੇ ਮੁੰਡੇ ਦੀ ਭਾਲ ਸ਼ੁਰੂ ਕਰ ਦਿੰਦੇ ਹਾਂ। ਇਹ ਦੋਹਰੀ ਸੋਚ ਇੱਕ ਸਮਾਜਿਕ ਬਿਮਾਰੀ ਹੈ ਜੋ ਸਾਨੂੰ ਆਪਣੀਆਂ ਕਦਰਾਂ-ਕੀਮਤਾਂ ਤੋਂ ਦੂਰ ਲੈ ਜਾ ਰਹੀ ਹੈ।
ਇਹ ਸੌੜੀ ਮਾਨਸਿਕਤਾ ਸਿਰਫ਼ ਦਾਜ ਤੱਕ ਸੀਮਤ ਨਹੀਂ ਹੈ। ਇਹ ਸਾਡੀ ਸੋਚ ਦਾ ਇੱਕ ਵਿਆਪਕ ਹਿੱਸਾ ਹੈ ਜੋ ਸਮਾਜ ਦੇ ਹਰ ਪਹਿਲੂ ਵਿੱਚ ਦਿਖਾਈ ਦਿੰਦਾ ਹੈ। ਉਦਾਹਰਣ ਵਜੋਂ ਜਦੋਂ ਅਸੀਂ ਕਿਸੇ ਕੁੜੀ ਲਈ ਮੁੰਡਾ ਲੱਭਦੇ ਹਾਂ, ਤਾਂ ਅਸੀਂ ਉਸ ਦੀ ਸਿੱਖਿਆ, ਵਿਚਾਰਧਾਰਾ ਅਤੇ ਚਰਿੱਤਰ ਨਾਲੋਂ ਉਸ ਦੀ ਵਿੱਤੀ ਸਥਿਤੀ ਨੂੰ ਜ਼ਿਆਦਾ ਮਹੱਤਵ ਦਿੰਦੇ ਹਾਂ। ਇਹ ਮਾਨਸਿਕਤਾ ਨਾ ਸਿਰਫ਼ ਕੁੜੀਆਂ ਨੂੰ ਵਸਤੂ ਬਣਾਉਂਦੀ ਹੈ, ਸਗੋਂ ਮੁੰਡਿਆਂ ’ਤੇ ਆਰਥਿਕ ਦਬਾਅ ਵੀ ਪਾਉਂਦੀ ਹੈ ਕਿ ਉਹ ‘ਆਦਰਸ਼ ਲਾੜਾ’ ਬਣਨ ਲਈ ਆਪਣੇ ਕਰੀਅਰ ਅਤੇ ਕਮਾਈ ’ਤੇ ਜ਼ਿਆਦਾ ਧਿਆਨ ਦੇਣ। ਇਸ ਸੋਚ ਦੀ ਸਭ ਤੋਂ ਵੱਡੀ ਉਦਾਹਰਣ ਉਦੋਂ ਦਿਖਾਈ ਦਿੰਦੀ ਹੈ ਜਦੋਂ ਵਿਆਹ ਸੰਬੰਧੀ ਇਸ਼ਤਿਹਾਰਾਂ ਵਿੱਚ ‘ਚੰਗੇ ਪਰਿਵਾਰ’ ‘ਸਰਕਾਰੀ ਨੌਕਰੀ’ ਅਤੇ ‘ਚੰਗੀ ਕਮਾਈ ਕਰਨ ਵਾਲੇ ਮੁੰਡੇ’ ਦੀ ਮੰਗ ਕੀਤੀ ਜਾਂਦੀ ਹੈ।
ਇਹ ਸਿਰਫ਼ ਵਿੱਤੀ ਸੁਰੱਖਿਆ ਦੀ ਮੰਗ ਨਹੀਂ ਹੈ, ਸਗੋਂ ਇਹ ਇੱਕ ਖ਼ਾਸ ਮਾਨਸਿਕਤਾ ਨੂੰ ਦਰਸ਼ਾਉਂਦੀ ਹੈ ਜੋ ਮੰਨਦੀ ਹੈ ਕਿ ਇੱਕ ਕੁੜੀ ਨੂੰ ਖ਼ੁਸ਼ ਰੱਖਣ ਲਈ ਪੈਸਾ ਸਭ ਤੋਂ ਮਹੱਤਵਪੂਰਨ ਤੱਤ ਹੈ। ਇਹ ਨਾ ਸਿਰਫ਼ ਵਿਆਹ ਨੂੰ ਇੱਕ ਕਾਰੋਬਾਰ ਵਿੱਚ ਬਦਲ ਦਿੰਦਾ ਹੈ, ਸਗੋਂ ਇੱਕ ਸੱਚੇ ਰਿਸ਼ਤੇ ਦੀ ਨੀਂਹ ਨੂੰ ਵੀ ਕਮਜ਼ੋਰ ਕਰਦਾ ਹੈ।
ਅਜਿਹੀ ਸਥਿਤੀ ਵਿੱਚ ਸਵਾਲ ਇਹ ਉੱਠਦਾ ਹੈ ਕਿ ਕੀ ਅਸੀਂ ਸੱਚਮੁੱਚ ਇੰਨੇ ਅਸੁਰੱਖਿਅਤ ਹਾਂ ਕਿ ਸਾਨੂੰ ਆਪਣੀਆਂ ਧੀਆਂ ਦੀ ਖ਼ੁਸ਼ੀ ਲਈ ਸਿਰਫ਼ ਵਿੱਤੀ ਸਥਿਰਤਾ ਦੀ ਲੋੜ ਹੈ? ਕੀ ਅਸੀਂ ਅਜੇ ਵੀ ਇਹ ਸਮਝਣ ਵਿੱਚ ਬਹੁਤ ਦੇਰ ਕਰ ਚੁੱਕੇ ਹਾਂ ਕਿ ਇੱਕ ਚੰਗੇ ਵਿਅਕਤੀ ਦੀ ਕੀਮਤ ਉਸ ਦੇ ਚਰਿੱਤਰ, ਵਿਚਾਰਾਂ ਅਤੇ ਵਿਵਹਾਰ ਦੁਆਰਾ ਨਿਰਧਾਰਤ ਕੀਤੀ ਜਾਣੀ ਚਾਹੀਦੀ ਹੈ, ਨਾ ਕਿ ਉਸਦੀ ਜੇਬ ਦੀ ਡੂੰਘਾਈ ਦੁਆਰਾ?
ਇਸ ਮਾਨਸਿਕਤਾ ਵਿੱਚੋਂ ਬਾਹਰ ਆਉਣਾ ਬਹੁਤ ਜ਼ਰੂਰੀ ਹੈ। ਇਹ ਤਾਂ ਹੀ ਸੰਭਵ ਹੈ ਜਦੋਂ ਅਸੀਂ ਆਪਣੇ ਪੁੱਤਰਾਂ ਨੂੰ ਸਿਖਾਉਂਦੇ ਹਾਂ ਕਿ ਉਨ੍ਹਾਂ ਦੀ ਕੀਮਤ ਉਨ੍ਹਾਂ ਦੇ ਕਿਰਦਾਰ ਵਿੱਚ ਹੈ, ਉਨ੍ਹਾਂ ਦੀ ਤਨਖ਼ਾਹ ਵਿੱਚ ਨਹੀਂ। ਸਾਨੂੰ ਆਪਣੀਆਂ ਧੀਆਂ ਨੂੰ ਇਹ ਸਿਖਾਉਣ ਦੀ ਲੋੜ ਹੈ ਕਿ ਉਨ੍ਹਾਂ ਦੀ ਕੀਮਤ ਉਨ੍ਹਾਂ ਦੀ ਆਪਣੀ ਪਛਾਣ ਵਿੱਚ ਹੈ, ਨਾ ਕਿ ਕਿਸੇ ਦੇ ਨਾਮ ਨਾਲ ਜੁੜੇ ਹੋਣ ਵਿੱਚ। ਇਸ ਲਈ ਸਮੂਹਿਕ ਯਤਨਾਂ ਦੀ ਲੋੜ ਹੈ। ਸਾਨੂੰ ਆਪਣੇ ਸਮਾਜ ਵਿੱਚੋਂ ਇਸ ਦੋਹਰੇ ਮਾਪਦੰਡ ਨੂੰ ਖ਼ਤਮ ਕਰਨਾ ਪਵੇਗਾ ਅਤੇ ਇੱਕ ਅਜਿਹੀ ਪੀੜ੍ਹੀ ਪੈਦਾ ਕਰਨੀ ਪਵੇਗੀ ਜੋ ਬਰਾਬਰੀ ਅਤੇ ਸਤਿਕਾਰ ਦੇ ਅਰਥ ਨੂੰ ਸੱਚਮੁੱਚ ਸਮਝਦੀ ਹੋਵੇ। ਦਾਜ ਦੀ ਪਰੰਪਰਾ ਦਾ ਸਾਡੇ ਸਮਾਜ ਵਿੱਚ ਇੰਨਾ ਡੂੰਘਾ ਪ੍ਰਭਾਵ ਹੈ ਕਿ ਲੋਕ ਇਸ ਨੂੰ ਸਤਿਕਾਰ ਦਾ ਪ੍ਰਤੀਕ ਮੰਨਦੇ ਹਨ। ਕਈ ਵਾਰ ਇਸ ਨੂੰ ਮਾਣ ਅਤੇ ਵੱਕਾਰ ਦਾ ਵਿਸ਼ਾ ਮੰਨਿਆ ਜਾਂਦਾ ਹੈ ਤੇ ਜੋ ਲੋਕ ਇਸ ਵਿੱਚ ਵਿਸ਼ਵਾਸ ਨਹੀਂ ਰੱਖਦੇ, ਉਨ੍ਹਾਂ ਨੂੰ ਸਮਾਜ ਵਿੱਚ ਘਟੀਆ ਸਮਝਿਆ ਜਾਂਦਾ ਹੈ।
ਇਹ ਸੋਚ ਸਿਰਫ਼ ਧੀਆਂ ਨੂੰ ਹੀ ਨਹੀਂ ਸਗੋਂ ਪੂਰੇ ਸਮਾਜ ਨੂੰ ਕਮਜ਼ੋਰ ਕਰਦੀ ਹੈ। ਇਹ ਪਰਿਵਾਰਾਂ ਨੂੰ ਕਰਜ਼ੇ ਵਿੱਚ ਡੁਬੋ ਦਿੰਦਾ ਹੈ, ਰਿਸ਼ਤਿਆਂ ਵਿੱਚ ਤਰੇੜਾਂ ਪੈਦਾ ਕਰਦਾ ਹੈ ਤੇ ਸਮਾਜ ਦੀਆਂ ਨੀਂਹਾਂ ਨੂੰ ਹਿਲਾ ਦਿੰਦਾ ਹੈ।
ਦਾਜ ਵਿਰੁੱਧ ਲੜਾਈ ਤਾਂ ਹੀ ਸਫ਼ਲ ਹੋਵੇਗੀ ਜਦੋਂ ਅਸੀਂ ਇਸ ਸਮੱਸਿਆ ਨੂੰ ਕਾਨੂੰਨ ਰਾਹੀਂ ਤੇ ਔਰਤ ਪ੍ਰਤੀ ਸੌੜੀ ਸੋਚ ਖ਼ਤਮ ਕਰ ਕੇ ਨਜਿੱਠਣਗੇ। ਸਾਨੂੰ ਇੱਕ ਅਜਿਹਾ ਸਮਾਜ ਬਣਾਉਣਾ ਹੋਵੇਗਾ ਜਿੱਥੇ ਕੁੜੀਆਂ ਦੀ ਸਿੱਖਿਆ, ਸਵੈ-ਨਿਰਭਰਤਾ ਅਤੇ ਆਜ਼ਾਦੀ ਨੂੰ ਸਭ ਤੋਂ ਵੱਧ ਤਰਜ਼ੀਹ ਦਿੱਤੀ ਜਾਵੇ।
ਇਸ ਤੋਂ ਇਲਾਵਾ ਸਾਨੂੰ ਆਪਣੇ ਪੁੱਤਰਾਂ ਨੂੰ ਸਿਖਾਉਣਾ ਪਵੇਗਾ ਕਿ ਉਹ ਆਪਣਾ ਜੀਵਨ ਸਾਥੀ ਸਿਰਫ਼ ਆਪਣੀ ਯੋਗਤਾ, ਚਰਿੱਤਰ ਅਤੇ ਵਿਚਾਰਧਾਰਾ ਦੇ ਆਧਾਰ ’ਤੇ ਚੁਣਨ ਨਾ ਕਿ ਆਪਣੇ ਪਰਿਵਾਰ ਦੀ ਵਿੱਤੀ ਸਥਿਤੀ ਨੂੰ ਦੇਖ ਕੇ। ਇਹ ਬਦਲਾਅ ਸਿਰਫ਼ ਇੱਕ ਵਿਅਕਤੀ ਦੀ ਸੋਚ ਨਾਲ ਹੀ ਨਹੀਂ, ਸਗੋਂ ਪੂਰੇ ਸਮਾਜ ਦੀ ਸੋਚ ਨੂੰ ਬਦਲ ਕੇ ਹੀ ਸੰਭਵ ਹੈ। ਹੁਣ ਸਮਾਂ ਆ ਗਿਆ ਹੈ ਕਿ ਦਾਜ ਦੀ ਇਸ ਬੁਰਾਈ ਨੂੰ ਜੜ੍ਹੋਂ ਪੁੱਟਿਆ ਜਾਵੇ ਅਤੇ ਇੱਕ ਅਜਿਹੇ ਸਮਾਜ ਦੀ ਨੀਂਹ ਰੱਖੀ ਜਾਵੇ ਜਿੱਥੇ ਵਿਆਹ ਇੱਕ ਬਰਾਬਰ ਅਤੇ ਸਤਿਕਾਰਯੋਗ ਬੰਧਨ ਹੋਵੇ ਨਾ ਕਿ ਆਰਥਿਕ ਸੌਦੇਬਾਜ਼ੀ ਦਾ ਸਾਧਨ। ਸਾਨੂੰ ਇਹ ਸਮਝਣਾ ਪਵੇਗਾ ਕਿ ਵਿਆਹ ਇੱਕ ਪਵਿੱਤਰ ਰਿਸ਼ਤਾ ਹੈ, ਕਾਰੋਬਾਰ ਨਹੀਂ। ਸਿਰਫ਼ ਕਾਨੂੰਨ ਬਣਾਉਣਾ ਕਾਫ਼ੀ ਨਹੀਂ ਹੈ। ਸਾਨੂੰ ਆਪਣੇ ਵਿਚਾਰਾਂ, ਪਰੰਪਰਾਵਾਂ ਅਤੇ ਸੋਚ ਨੂੰ ਬਦਲਣਾ ਪਵੇਗਾ। ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਸਾਡੇ ਘਰਾਂ ਵਿੱਚ ਧੀਆਂ ਅਤੇ ਪੁੱਤਰਾਂ ਨੂੰ ਬਰਾਬਰ ਮਹੱਤਵ ਦਿੱਤਾ ਜਾਵੇ। ਸਾਨੂੰ ਆਪਣੇ ਪੁੱਤਰਾਂ ਨੂੰ ਆਪਣੇ ਜੀਵਨ ਸਾਥੀ ਦਾ ਸਤਿਕਾਰ ਕਰਨਾ ਸਿਖਾਉਣ ਦੀ ਲੋੜ ਹੈ, ਉਨ੍ਹਾਂ ਨਾਲ ਬਰਾਬਰ ਦੇ ਭਾਈਵਾਲਾਂ ਵਾਂਗ ਪੇਸ਼ ਆਉਣਾ ਚਾਹੀਦਾ ਹੈ ਨਾ ਕਿ ਵਸਤੂਆਂ ਵਾਂਗ। ਸੱਚੀ ਤਬਦੀਲੀ ਸਾਡੇ ਘਰਾਂ ਤੋਂ ਸ਼ੁਰੂ ਹੋਣੀ ਚਾਹੀਦੀ ਹੈ। ਜਦੋਂ ਅਸੀਂ ਆਪਣੇ ਪੁੱਤਰਾਂ ਨੂੰ ਕਿਸੇ ਨਾਲ ਸਿਰਫ਼ ਉਸ ਦੇ ਚਰਿੱਤਰ ਅਤੇ ਵਿਚਾਰਧਾਰਾ ਦੇ ਆਧਾਰ ’ਤੇ ਜੁੜਨਾ ਸਿਖਾਉਂਦੇ ਹਾਂ ਤਾਂ ਹੀ ਸਮਾਜ ਵਿੱਚੋਂ ਦਾਜ ਦੀ ਇਸ ਬੁਰਾਈ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਧੀਆਂ ਕਿਸੇ ਲਈ ਬੋਝ ਨਹੀਂ ਸਗੋਂ ਇੱਕ ਵਰਦਾਨ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ