Sunday, April 28, 2024  

ਸੰਪਾਦਕੀ

ਪ੍ਰਧਾਨ ਮੰਤਰੀ ਦੇ ਦਾਅਵਿਆਂ ਨਾਲ ਅਰਥਸ਼ਾਸਤਰੀ ਅਸਹਿਮਤ

March 28, 2024

ਦੇਖਣ ’ਚ ਆ ਰਿਹਾ ਹੈ ਕਿ ਭਾਰਤ ਦੀ ਆਰਥਿਕ ਤਰੱਕੀ, ਭਾਰਤ ਦੀ ਅਰਥਵਿਵਸਥਾ ਦੇ ਵੱਧ ਰਹੇ ਆਕਾਰ ਅਤੇ ਭਾਰਤ ਨੂੰ ਇੱਕ ਵਿਕਸਤ ਮੁਲਕ ਬਣਾਉਣ ਦੇ ਸਰਕਾਰੀ ਦਾਅਵਿਆਂ ਨਾਲ ਦੇਸ਼ ਅਤੇ ਵਿਦੇਸ਼ਾਂ ਦੇ ਵੀ, ਬਹੁਤ ਸਾਰੇ ਅਰਥਸ਼ਾਸਤਰੀ ਇਤਫ਼ਾਕ ਨਹੀਂ ਰੱਖਦੇ। ਇਸ ਨਾਲ ਭਾਰਤ ’ਚ ਆਰਥਿਕ ਪੱਧਰ ’ਤੇ ਵਾਪਰ ਰਹੇ ਵਰਤਾਰਿਆਂ ਨੂੰ ਸਮਝਣ ’ਚ ਕਾਫੀ ਘਚੋਲਾ ਪੈਂਦਾ ਹੈ। ਮਿਸਾਲ ਦੇ ਤੌਰ ’ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦਾਅਵਾ ਕੀਤਾ ਸੀ ਕਿ ਪਿਛਲੇ 9 ਸਾਲਾਂ ’ਚ 25 ਕਰੋੜ ਭਾਰਤੀਆਂ ਨੂੰ ਗਰੀਬੀ ਵਿੱਚੋਂ ਕੱਢ ਲਿਆ ਗਿਆ ਹੈ। ਇਸ ਤਰ੍ਹਾਂ ਹੀ ਨੀਤੀ ਆਯੋਗ ਨੇ ਕੁੱਛ ਸਮਾਂ ਪਹਿਲਾਂ ਇਹ ਦਾਅਵਾ ਕੀਤਾ ਸੀ ਕਿ ਭਾਰਤ ਵਿੱਚ ਗ਼ਰੀਬ ਹੁਣ ਸਿਰਫ਼ 5 ਪ੍ਰਤੀਸ਼ਤ ਤੋਂ ਘੱਟ ਰਹਿ ਗਏ ਹਨ। 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਇਹ ਦਿਲਫਰੇਬ ਅੰਕੜੇ ਸਾਹਮਣੇ ਲਿਆਂਦੇ ਗਏ ਹਨ ਪਰ ਬਹੁਤ ਸਾਰੇ ਅਰਥਸ਼ਾਸਤਰੀ ਇਨ੍ਹਾਂ ਦਾਅਵਿਆਂ ਨੂੰ ਸਹੀ ਨਹੀਂ ਮੰਨ ਰਹੇ। ਗ਼ਰੀਬੀ ਵਿੱਚੋਂ ਬਾਹਰ ਕੱਢੇ ਗਏ ਭਾਰਤੀਆਂ ਦੀ ਗਿਣਤੀ ਬਾਰੇ ਕੁੱਛ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਇਹ ਅਜਿਹੀ ਗਿਣਤੀ ਹੈ ਜਿਸ ਨੂੰ ਨਾ ਤਾਂ ਸਹੀ ਸਾਬਤ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਝੁਠਲਾਇਆ ਜਾ ਸਕਦਾ ਹੈ। ਇਨ੍ਹਾਂ ਅਰਥਸ਼ਾਸਤਰੀਆਂ ਦਾ ਇਹ ਵੀ ਕਹਿਣਾ ਹੈ ਕਿ ਮੋਦੀ ਸਰਕਾਰ ਦੌਰਾਨ ਅੰਕੜੇ ਛੁਪਾਏ ਜਾਂਦੇ ਰਹੇ ਹਨ ਅਤੇ ਅੰਕੜੇ ਤਿਆਰ ਕਰਨ ਦੀ ਵਿਧੀ ’ਤੇ ਵੀ ਸੰਦੇਹ ਪੈਦਾ ਹੁੰਦੇ ਹਨ। 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਨੇ ਬੇਰੋਜ਼ਗਾਰੀ ਅਤੇ ਮਹਿੰਗਾਈ ਦੇ ਅੰਕੜੇ ਆਪਣੀ ਦੂਜੀ ਵਾਰ ਸਰਕਾਰ ਬਣਨ ਬਾਅਦ ਹੀ ਨਸ਼ਰ ਕੀਤੇ ਸਨ।
ਆਮ ਚੋਣਾਂ ਤੋਂ ਪਹਿਲਾਂ ਅਤੇ ਚੋਣ-ਪ੍ਰਚਾਰ ਦੌਰਾਨ ਵੀ ਪ੍ਰਧਾਨ ਮੰਤਰੀ ਬਾਰ-ਬਾਰ ਦਾਅਵਾ ਕਰਦੇ ਰਹੇ ਅਤੇ ਕਰ ਰਹੇ ਹਨ ਕਿ ਉਨ੍ਹਾਂ ਦੀ ਤੀਜੀ ਵਾਰ ਸਰਕਾਰ ਬਣਨ ਜਾ ਰਹੀ ਹੈ ਅਤੇ ਤੀਸਰੇ ਕਾਰਜਕਾਲ ਦੌਰਾਨ ਭਾਰਤ ਦੀ ਅਰਥਵਿਵਸਥਾ ਸੰਸਾਰ ’ਚ ਤੀਜੇ ਨੰਬਰ ਦੀ ਅਰਥਵਿਵਸਥਾ ਬਣ ਜਾਵੇਗੀ ਅਤੇ 2047 ਤੱਕ ਭਾਰਤ ਇੱਕ ਵਿਕਸਤ ਮੁਲਕ ਬਣ ਜਾਵੇਗਾ । ਪਰ ਜੇਕਰ ਆਪਣੇ ਆਲੇ-ਦੁਆਲੇ ਨਜ਼ਰ ਮਾਰਦੇ ਹਾਂ, ਮੰਡੀ ’ਚ ਗ੍ਰਾਹਕੀ ਦੀ ਬੇਰੌਣਕੀ ਦੇਖਦੇ ਹਾਂ ਅਤੇ ਦੇਸ਼ ਦੇ ਬੁਨਿਆਦੀ ਢਾਂਚੇ ਦੀ ਹਾਲਤ ਵਲ ਨਜ਼ਰ ਮਾਰਦੇ ਹਾਂ ਤਾਂ ਇਹ ਦਾਅਵੇ ਅਸਲੀਅਤ ਦੇ ਅਨੁਸਾਰੀ ਨਹੀਂ ਲੱਗਦੇ ਹਨ। ਕਈ ਜਗਤ ਪ੍ਰਸਿੱਧ ਅਰਥਸ਼ਾਸਤਰੀ ਵੀ ਇਨ੍ਹਾਂ ਦਾਅਵਿਆਂ ਨਾਲ ਸਹਿਮਤ ਨਹੀਂ ਹਨ। ਇਸ ਸੰਦਰਭ ’ਚ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਦਾ ਤਾਜ਼ਾ ਬਿਆਨ ਕਾਫ਼ੀ ਕੁੱਛ ਬਿਆਨ ਕਰਦਾ ਹੈ। ਰਘੂਰਾਮ ਰਾਜਨ ਬੇਬਾਕ ਟਿੱਪਣੀਆਂ ਕਰਨ ਲਈ ਵੀ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਟਿੱਪਣੀਆਂ ਦਮਦਾਰ ਤੇ ਤਰਕਸੰਗਤ ਹੁੰਦੀਆਂ ਹਨ। ਇਸ ਲਈ ਅਗਲੇ ਕੁੱਛ ਸਾਲਾਂ ’ਚ ਭਾਰਤ ਦੀ ਅਰਥਵਿਵਸਥਾ ਨੂੰ ਸੰਸਾਰ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਅਤੇ 2047 ਤੱਕ ਭਾਰਤ ਨੂੰ ਵਿਕਸਤ ਮੁਲਕ ਬਣਾ ਦੇਣ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦਾਅਵਿਆਂ ਬਾਰੇ ਅਰਥਸ਼ਾਸਤਰੀ ਰਘੂਰਾਮ ਰਾਜਨ ਦੇ ਵਿਚਾਰ ਜਾਨਣਾ ਮਾਅਨੇ ਰੱਖਦਾ ਹੈ।
ਬਲੂਮਬਰਗ ਨਾਲ ਪਿਛਲੇ ਦਿਨੀਂ ਹੋਈ ਆਪਣੀ ਇੱਕ ਇੰਟਰਵਿਊ ’ਚ ਰਘੂਰਾਮ ਰਾਜਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਭਾਰਤ ਦੀ ਅਰਥਵਿਵਸਥਾ ਬਾਰੇ ਕੀਤੇ ਦਾਅਵਿਆਂ ’ਤੇ ਟਿੱਪਣੀਆਂ ਕੀਤੀਆਂ ਹਨ। ਵਿਕਸਤ ਮੁਲਕ ਬਣਾਉਣ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦਾਅਵੇ ਬਾਰੇ ਰਘੂਰਾਮ ਰਾਜਨ ਦਾ ਕਹਿਣਾ ਹੈ ਕਿ ਜਦੋਂ ਤੁਹਾਡੇ ਮੁਲਕ ’ਚ ਭਾਰੀ ਗਿਣਤੀ ’ਚ ਬੱਚੇ ਹਾਈ ਸਕੂਲ ਦੀ ਸਿੱਖਿਆ ਨਹੀਂ ਲੈ ਸਕਦੇ ਅਤੇ ਸਕੂਲ ਵਿੱਚੋਂ ਛੱਡ ਜਾਣ ਵਾਲੇ ਵੀ ਬਹੁਤ ਹੋਣ ਤਾਂ ਇਸ ਤਰ੍ਹਾਂ ਦੇ ਨਿਸ਼ਾਨੇ ਬਾਰੇ ਗੱਲ ਕਰਨਾ ‘ਫਜ਼ੂਲ’ ਹੈ । ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਦਾ ਕਹਿਣਾ ਹੈ ਕਿ ਭਾਰਤ ’ਚ ਕਿਰਤ ਸ਼ਕਤੀ ਵੱਧ ਰਹੀ ਹੈ ਪਰ ਇਸ ਦਾ ਲਾਭ ਤਦ ਹੀ ਹੋ ਸਕਦਾ ਹੈ ਜੇਕਰ ਚੰਗੀਆਂ ਨੌਕਰੀਆਂ ’ਚ ਨੌਜਵਾਨਾਂ ਨੂੰ ਨਿਯੁਕਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਰਤ ਸ਼ਕਤੀ ਨੂੰ ਵਧੇਰੇ ਰੋਜ਼ਗਾਰ ਯੋਗ ਬਣਾਉਣ ਅਤੇ ਨਵੀਆਂ ਨੌਕਰੀਆਂ ਪੈਦਾ ਕਰਨ ਦੀ ਲੋੜ ਹੈ। ਉਨ੍ਹਾਂ ਨੇ ਚਿੱਪ ਬਣਾਉਣ ਲਈ, ਉਚੇਰੀ ਸਿੱਖਿਆ ਦੇ ਸਾਲਾਨਾ ਬਜਟ ਤੋਂ ਵਧੇਰੇ ਸਬਸਿਡੀ ਦੇਣ ਨੂੰ ਕੁਰਾਹੇ ਪੈਣਾ ਦੱਸਿਆ। ਉਨ੍ਹਾਂ ਵਿਕਸਤ ਭਾਰਤ ਬਣਾਉਣ ਬਾਰੇ ਕਿਹਾ ਕਿ ‘‘ਇੱਕ ਮਹਾਨ ਦੇਸ਼ ਬਣਨ ਦੀ ਸਕਰਾਰ ਦੀ ਉਮੰਗ ਸੱਚੀ ਹੈ। ਪਰ ਇਹ ਸਵਾਲ ਵੱਖਰਾ ਹੈ ਕਿ ਜੋ ਕਰਨ ਦੀ ਲੋੜ ਹੈ, ਉਸ ਵੱਲ ਸਰਕਾਰ ਧਿਆਨ ਦਿੰਦੀ ਹੈ ਕਿ ਨਹੀਂ। ਉਨ੍ਹਾਂ ਕਿਹਾ ਕਿ 8 ਪ੍ਰਤੀਸ਼ਤ ਵਾਧਾ ਦਰ ਲਗਾਤਾਰ ਬਣਾਈ ਰੱਖਣ ਲਈ ਭਾਰਤ ਨੂੰ ਬਹੁਤ ਸਾਰਾ ਹੋਰ ਕੰਮ ਕਰਨਾ ਪਵੇਗਾ। ਇਹ ਪਹਿਲੀ ਵਾਰ ਵਾਪਰ ਰਿਹਾ ਹੈ ਕਿ ਦੇਸ਼ ਦੀ ਅਰਥਵਿਵਸਥਾ ਬਾਰੇ ਸਰਕਾਰ ਦੇ ਦਾਅਵਿਆਂ ਨਾਲ ਜਗਤ ਪ੍ਰਸਿੱਧ ਅਰਥਸ਼ਾਸਤਰੀ ਤਿੱਖੇ ਮਤਭੇਦ ਰੱਖਦੇ ਹਨ। ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਨੀਅਮ ਨੇ ਤਾਂ ਆਰਥਿਕ ਵਾਧਾ ਦਰ ਦੀ ਗਿਣਤੀ-ਮਿਣਤੀ ਕਰਨ ਦੀ ਵਿਧੀ ’ਤੇ ਹੀ ਸਵਾਲ ਉਠਾਏ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ