ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ 8 ਅਪ੍ਰੈਲ ਤੋਂ 22 ਅਪ੍ਰੈਲ, 2025 ਤੱਕ 7ਵਾਂ ਪੋਸ਼ਣ ਪਖਵਾੜਾ ਮਨਾਉਣ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਇਹ ਪੋਸ਼ਣ ਪਖਵਾੜਾ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਪੋਸ਼ਣ ਸਬੰਧੀ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਦੇਸ਼ ਵਿਆਪੀ ਪਹਿਲਕਦਮੀ ਦੀ ਤਰਜ਼ ‘ਤੇ ਹੈ।
ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਪੰਦਰਵਾੜਾ ਮੁਹਿੰਮ ਸੂਬੇ ਭਰ ਵਿੱਚ ਪੋਸ਼ਣ ਜਾਗਰੂਕਤਾ, ਭਾਈਚਾਰਕ ਭਾਗੀਦਾਰੀ ਅਤੇ ਟਿਕਾਊ ਅਭਿਆਸਾਂ 'ਤੇ ਕੇਂਦ੍ਰਿਤ ਗਤੀਵਿਧੀਆਂ ਦੀ ਇੱਕ ਲੜੀ ਰਾਹੀਂ ਚਲਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਪੋਸ਼ਣ ਪਖਵਾੜੇ ਦੌਰਾਨ ਬੱਚੇ ਦੇ ਜਨਮ ਦੇ ਪਹਿਲੇ 1,000 ਦਿਨਾਂ ਦੌਰਾਨ ਪੋਸ਼ਣ ਸਬੰਧੀ ਨਤੀਜਿਆਂ ਨੂੰ ਹੋਰ ਬਿਹਤਰ ਬਣਾਉਣ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ, ਜੋ ਕਿ ਬੱਚਿਆਂ ਦੇ ਵਿਕਾਸ ਲਈ ਇੱਕ ਮਹੱਤਵਪੂਰਨ ਪਹਿਲ ਹੈ। ਇਹ ਮੁਹਿੰਮ ਪੋਸ਼ਣ ਟਰੈਕਰ ਵਿੱਚ ਲਾਭਪਾਤਰੀ ਮਾਡਿਊਲ ਦੇ ਪ੍ਰਸਿੱਧੀਕਰਨ 'ਤੇ ਵੀ ਜ਼ੋਰ ਦੇਵੇਗੀ ਤਾਂ ਜੋ ਡਿਜੀਟਲ ਨਿਗਰਾਨੀ ਅਤੇ ਪੋਸ਼ਣ ਸੇਵਾਵਾਂ ਦੀ ਡਿਲੀਵਰੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਦੇ ਨਾਲ ਹੀ ਸੀ.ਐਮ.ਏ.ਐਮ. ਮਾਡਿਊਲ ਰਾਹੀਂ ਕੁਪੋਸ਼ਣ ਦੇ ਪ੍ਰਬੰਧਨ ‘ਤੇ ਵੀ ਜ਼ੋਰ ਦਿੱਤਾ ਜਾਵੇਗਾ, ਜੋ ਕੁਪੋਸ਼ਿਤ ਬੱਚਿਆਂ ਲਈ ਕਮਿਊਨਿਟੀ-ਅਧਾਰਤ ਇਲਾਜ ਅਤੇ ਦੇਖਭਾਲ ਦਾ ਸਮਰਥਨ ਕਰਦਾ ਹੈ।